ਡਾ ਜਗਤਾਰ ਦੀ ਕਵਿਤਾ
ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ
ਜ਼ਰਾ ਠਹਿਰੋ।
ਕੋਈ ਬਸਤੀ 'ਚ ਤਾਂ ਬਾਕੀ ਨਹੀਂ ਬਚਿਆ
ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ।
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਚਰਖ਼ਾ ਵੀ ਬਣਨਾ ਹੈ
ਤੁਸੀਂ ਰੰਗੀਲ-ਪੀੜ੍ਹਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀਂ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਹਰ ਹਾਲ
ਡਿੱਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ'
'ਮਿਰੇ ਯਾਰੋ/ਮਿਰੇ ਪਿੱਛੋਂ
ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ
ਦਰੋਣਾਚਾਰੀਆ ਦੀ ਢਾਲ ਨਾ ਬਣਨਾ।
ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ
ਕਿਸੇ ਵੀ ਰਾਮ ਦੇ ਪਊਏ ਨਹੀਂ ਬਣਨਾ
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ
ਤਿਲਕ ਵੇਲੇ-
ਕਿਸੇ ਵੀ ਰਾਜ ਘਰ ਵਿੱਚ ਪਰ
ਸ਼ਹਾਦਤ ਦੀ ਕਦੇ ਉਂਗਲੀ ਨਹੀਂ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਛਾਵਾਂ ਦੇ ਰੂਪ ਅੰਦਰ
ਤੁਸੀਂ ਪੌਣਾਂ ਦੇ ਰੂਪ ਅੰਦਰ
ਤੁਸੀਂ ਫੁੱਲਾਂ, ਫਲਾਂ, ਮਹਿਕਾਂ ਦੇ ਰੂਪ ਅੰਦਰ
ਦੁਆਵਾਂ ਹੀ ਬਣੇ ਰਹਿਣਾ
ਕਦੇ ਤੂਫ਼ਾਨ ਨਾ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ
ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਕੇ ਆਪਣੇ
ਤੁਸੀਂ ਇਕ ਜਸ਼ਨ ਕਰਨਾ
ਓਸ ਮਿੱਟੀ ਦਾ
ਜੋ ਪੀਲੇ ਮੌਸਮਾਂ ਵਿਚ ਕਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ ਸ਼ਕਲਾਂ ਬਦਲਦੀ ਹੈ।'
---
ਕਵਿਤਾ / ਸੁਰਜੀਤ ਪਾਤਰ
ਮਰ ਰਹੀ ਹੈ ਮੇਰੀ ਭਾਸ਼ਾ
1
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ ਤੜਕਾ
ਧੰਮੀ ਵੇਲਾ
ਪਹੁ-ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜੇ ਖੜੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਉਪੀਆ
ਕੌੜਾ ਸੋਤਾ
ਢੱਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ
ਸਾਝਰਾ ,ਸੁਵਖ਼ਤਾ ,ਸਰਘੀ ਵੇਲਾ
ਘੜੀਆਂ ,ਪਹਿਰ,ਬਿੰਦ ,ਪਲ,ਛਿਣ ,ਨਿਮਖ ਵਿਚਾਰੇ
ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ
ਕਿ ਟਾਈਮ ਕੋਲ ਟਾਈਮ-ਪੀਸ ਸੀ
ਕਾਂਜਣ ,ਨਿਸਾਰ ,ਔਲੂ
ਚੱਕਲੀਆਂ ,ਬੂੜੇ ,ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਹਾਂ ਬੇਟਾ ,ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ
ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ---
Post a Comment