ਕੱਲ੍ਹ ਮੈਂ ਅੰਜਨਾ ਨੂੰ ਪੁੱਛਿਆ, 'ਕੂੜੇਦਾਨ ਕਿੱਥੇ ਹੈ? ਕਾਗਜ਼ ਸੁੱਟਣਾ ਹੈ।'
ਉਹ ਬੋਲੀ–—'ਫੈਂਕ ਦੋ ਖਿੜਕੀ ਸੇ ਬਾਹਰ।'
ਮੈਂ ਖਿੜਕੀ 'ਚੋਂ ਤੱਕਿਆ— ਚਾਰ ਚੁਫੇਰੇ ਸਾਰੀਆਂ ਈਮਾਰਤਾਂ ਕੂੜੇ ਕਰਕਟ ਵਿੱਚ ਧਿਰੀਆਂ ਸਨ। ਮੈਨੂੰ ਜਾਪਿਆ, ਏਡੀ ਉਚਾਈ ਦੀ ਜੜ੍ਹ ਵਿੱਚ ਵੀ ਕੂੜਾ ਹੈ।
ਕੁਝ ਚਿਰ ਮਗਰੋਂ ਅੰਜਨਾ ਮੇਰੇ ਲਾਗਿਉਂ ਲੰਘੀ। ਸੁੱਟਣ ਵਾਲਾ ਕਾਗਜ਼ ਹਾਲੇ ਹੱਥ ਵਿੱਚ ਹੀ ਸੀ। ਉਹ ਹੱਸ ਪਈ : 'ਮੈਂ ਗਾਂਵ ਮੇਂ ਪਲੀ ਥੀ। ਵਹਾਂ ਘਰ ਔਰ ਗਲੀਆਂ ਸਬ ਕੱਚੇ ਥੇ, ਲੇਕਿਨ ਸਾਫ ਥੇ। ਬੰਬਈ ਆ ਕੇ ਮੁਝੇ ਲਗਾ—ਐਸੇ ਕੂੜਾ ਫੈਂਕਣਾ ਤੋ ਧਰਤੀ ਕਾ ਅਪਮਾਨ ਹੈ। ਹਮ ਜਿਸਕਾ ਅਪਮਾਨ ਕਰੇਂਗੇ, ਵੋ ਹਮਕੋ ਕੈਸੇ ਝੇਲੇਗਾ? ਮੈਨੇ ਘਰ ਮੇਂ ਡਿੱਬੇ ਰੱਖੇ— ਕੁੜਾ ਕਰਕਟ ਫੈਂਕਣੇ ਕੋ। ਪਰ ਵੋ ਡਿੱਬੇ ਕਹਾਂ ਲਿਜਾ ਕੇ ਖਾਲੀ ਕਰਤੀ? ਅਬ ਤੋ ਮੈਂ ਭੀ…….. .. ..''
ਏਨਾ ਕਹਿ ਕੇ ਅੰਜਨਾ ਭਾਬੀ ਮੇਰੇ ਹੱਥੋਂ ਕਾਗਜ਼ ਫੜਿਆ, ਬਾਹਰ ਹਵਾ ਵਿੱਚ ਵਗਾਹ ਮਾਰਿਆ। ਮੈਨੂੰ ਕਲ੍ਹ ਹੀ 'ਇੰਡੀਆ ਟੁਡੇ' ਵਿੱਚ ਪੜ੍ਹੀ ਖ਼ਬਰ ਚੇਤੇ ਆਈ : .. .. ਕਿਸੇ ਬੰਦੇ ਮਦਰਾਸ ਸ਼ਹਿਰ ਵਿੱਚ ਆਪਣੇ ਮੁਹੱਲੇ ਦੇ ਲੋਕਾਂ ਨੂੰ ਆਖਿਆ— ਆਪੋ ਆਪਣੇ ਘਰ ਦਾ ਕੂੜਾ ਦਰਵਾਜ਼ੇ ਤੇ ਰੱਖ ਦਿਉ, ਮੈਂ ਏਸਨੂੰ ਸੁੱਟ ਆਵਾਂਗਾ। ਲੋਕੀਂ ਹੱਸੇ, ਪਰ ਉਹ ਬੰਦਾ ਰੋਜ਼ ਸ਼ਾਮ ਨੂੰ ਓਨ੍ਹਾਂ ਦਾ ਦਰ ਜਾ ਖੜਕਾਉਂਦਾ, ਘਰ ਦੇ ਬਾਹਰ ਝਾੜੂ ਦੇਂਦਾ, ਕੂੜਾ ਚੁੱਕ ਕੇ ਕੁਠ ਮਪਲਾਂ ਤੇ ਪਏ ਢੋਲ ਵਿੱਚ ਸੁੱਟਣ ਜਾਂਦੇ ਲੋਕੀਂ ਓਸਨੂੰ ਭੰਗੀ ਕਹਿੰਦੇ, ਪਰ ਉਹ ਮੱਥੇ ਵੱਟ ਨਾ ਪਾਉਂਦਾ। ਬਿਨ ਨਾਗਾ ਇਹ 'ਗੰਦਾ' ਕੰਮ ਕਰਦਾ ਰਹਿੰਦਾ। ਤਿੰਨ ਮਹੀਨੇ ਬੀਤੇ—ਲੋਕੀਂ ਪੰਘਰ ਗਏ। ਆਪਣੇ ਘਰ ਦੇ ਵਿਹੜੇ, ਬੂਹੇ, ਗਲੀ ਸਾਫ ਰੱਖਣ ਲੱਗ ਪਏ। ਓਨ੍ਹਾਂ ਰਲ ਕੇ ਪੈਸੇ ਪਾਏ, ਢੋਲ ਖਰੀਦਿਆ, ਹਫ਼ਤੇ ਮਗਰੋਂ ਢੋਲ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਖਾਲੀ ਕਰਦੇ। ਉਨ੍ਹਾਂ ਨੂੰ ਆਪਣਾ ਆਲਾ ਦੁਆਲਾ ਚੰਗਾ ਚੰਗਾ ਲੱਗਣ ਲੱਗਾ।
ਪਰ ਉਹ ਬੰਦੇ ਏਨੇ ਤੇ ਸੰਤੁਸ਼ਟ ਨਾ ਹੋਇਆ। ਆਪਣੇ ਇਲਾਕੇ ਦੇ ਬੱਚਿਆਂ ਨੂੰ ਕੱਠਿਆਂ ਕਰਕੇ, ਗੁਆਂਢੀ ਮੁਹੱਲਿਆਂ ਵਿੱਚ ਜਾਂਦਾ। ਏਹੋ ਕੰਮ ਓਥੇ ਜਾ ਕਰਦੇ। ਉਸ ਤੋਂ ਮਗਰੋਂ ਅਗਲੇ ਮੁਹੱਲੇ। ਕਿਸੇ ਮੁਹੱਲੇ ਵੀ ਜਾ ਕੇ ਉਪਦੇਸ਼ ਨਾ ਦੇਂਦੇ। ਸਿਰਫ਼ ਉਨ੍ਹਾਂ ਦਾ ਕੂੜਾ ਮੰਗਦੇ, ਚੁੱਕਦੇ, ਗਲੀਆਂ ਸੂਥਰੀਆਂ ਕਰਦੇ। ਹਰ ਥਾਂ ਹੌਲੀ ਹੌਲੀ ਲੋਕੀਂ ਸੋਚਣ ਲੱਗਦੇ— ਏਨ੍ਹਾਂ ਓਪਰਿਆਂ ਨੂੰ ਸਾਡਾ ਦੁੱਖ ਕਿਉਂ ਹੈ?
ਇਸ ਬੰਦੇ ਨੂੰ ਕਾਹਦਾ ਦੁੱਖ ਸੀ? ਇਸ ਬੰਦੇ ਨੂੰ 'ਥਾਂ' ਦਾ ਦੂੱਖ ਸੀ। ਉਸਨੂੰ ਗੰਦਗੀ ਹੇਠਾਂ ਧਰਤੀ ਪੀੜੋ ਪੀੜ ਦਿਸਦੀ ਸੀ, ਧਰਦੀ ਤਾ ਸਾਹ ਰੁਕਦਾ ਦਿਸਦਾ। ਜਦ ਤਈਂ ਉਸ ਧਰਤੀ ਨੂੰ ਸਾਹ ਨਹੀਂ ਦੁਆਇਆ, ਉਸਨੂੰ ਆਪ ਵੀ ਸਾਹ ਨਹੀਂ ਆਇਆ।
ਜਿਸ ਦਿਨ ਮੈਂ ਇਹ ਖ਼ਬਰ ਪੜ੍ਹੀ ਸੀ— ਉਸ ਬੰਦੇ ਤੇ ਲੋਕਾਂ ਰਲ ਕੇ, ਮਦਰਾਸ ਸ਼ਹਿਰ ਵਿੱਚ ਤਿੰਨ ਸੌ ਮੁਹੱਲੇ ਕੂੜਿਓਂ ਖਾਲੀ ਕਰ ਦਿੱਤੇ ਸਨ। ਇਸ ਕੰਮ ਲਈ ਓਨ੍ਹਾਂ ਕਿਸੇ ਸਰਕਾਰ ਦੀ ਮਿੰਨਤ ਨਹੀਂ ਕੀਤੀ ਸੀ।
- ਸੁਖਪਾਲ
Post a Comment