ਵਸੀਹਤ
ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ
ਜ਼ਰਾ ਠਹਿਰੋ।
ਕੋਈ ਬਸਤੀ 'ਚ ਤਾਂ ਬਾਕੀ ਨਹੀਂ ਬਚਿਆ
ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ।
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਚਰਖ਼ਾ ਵੀ ਬਣਨਾ ਹੈ
ਤੁਸੀਂ ਰੰਗੀਲ-ਪੀੜ੍ਹਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀਂ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਹਰ ਹਾਲ
ਡਿੱਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ'
'ਮਿਰੇ ਯਾਰੋ/ਮਿਰੇ ਪਿੱਛੋਂ
ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ
ਦਰੋਣਾਚਾਰੀਆ ਦੀ ਢਾਲ ਨਾ ਬਣਨਾ।
ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ
ਕਿਸੇ ਵੀ ਰਾਮ ਦੇ ਪਊਏ ਨਹੀਂ ਬਣਨਾ
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ
ਤਿਲਕ ਵੇਲੇ-
ਕਿਸੇ ਵੀ ਰਾਜ ਘਰ ਵਿੱਚ ਪਰ
ਸ਼ਹਾਦਤ ਦੀ ਕਦੇ ਉਂਗਲੀ ਨਹੀਂ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਤੁਸੀਂ ਛਾਵਾਂ ਦੇ ਰੂਪ ਅੰਦਰ
ਤੁਸੀਂ ਪੌਣਾਂ ਦੇ ਰੂਪ ਅੰਦਰ
ਤੁਸੀਂ ਫੁੱਲਾਂ, ਫਲਾਂ, ਮਹਿਕਾਂ ਦੇ ਰੂਪ ਅੰਦਰ
ਦੁਆਵਾਂ ਹੀ ਬਣੇ ਰਹਿਣਾ
ਕਦੇ ਤੂਫ਼ਾਨ ਨਾ ਬਣਨਾ।'
'ਮਿਰੇ ਯਾਰੋ/ਮਿਰੇ ਪਿੱਛੋਂ
ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ
ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਕੇ ਆਪਣੇ
ਤੁਸੀਂ ਇਕ ਜਸ਼ਨ ਕਰਨਾ
ਓਸ ਮਿੱਟੀ ਦਾ
ਜੋ ਪੀਲੇ ਮੌਸਮਾਂ ਵਿਚ ਕਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ ਸ਼ਕਲਾਂ ਬਦਲਦੀ ਹੈ।'
---
Post a Comment