ਡਾ. ਜਗਤਾਰ ਦੀ ਯਾਦ...

ਡਾ ਜਗਤਾਰ ਹੁਰਾਂ ਨਾਲ ਬੈਠੇ ਹਨ ਦੀਪਕ ਬਾਲੀ ਅਤੇ ਸੰਗੀਤਕਾਰ ਸੰਗਤਾਰ।
ਡਾ. ਜਗਤਾਰ ਨਾਲ ਮੇਰਾ ਰਿਸ਼ਤਾ ਕੋਈ ਬਹੁਤਾ ਪੁਰਾਣਾ ਨਹੀਂ, ਪਰ ਉਹਨਾਂ ਦੇ ਅੰਤਿਮ ਦਿਨਾਂ ਵਿੱਚ ਬਣਿਆ ਇਹ ਰਿਸ਼ਤਾ ਗੂੜਾ ਜ਼ਰੂਰ ਹੋ ਗਿਆ ਸੀ।
ਸੰਨ 2006 ਵਿੱਚ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਜਲੰਧਰ ਵਿੱਚ ਲਾਂਚ ਹੋਈ। ਇਸੇ ਸਿਲਸਿਲੇ ਵਿੱਚ ਮੈਂ ਚੰਡੀਗੜ੍ਹ ਤੋਂ ਜਲੰਧਰ ਟ੍ਰਾਂਸਫਰ ਹੋਇਆ। ਮੈਗਜ਼ੀਨ ਸੈਕਸ਼ਨ ਨਾਲ ਜੁੜਿਆ। ਫੈਸਲਾ ਹੋਇਆ ਕਿ ਇਹਦੇ ਐਤਵਾਰੀ ਸੰਸਕਰਣ ਵਿੱਚ ਪਾਕਿਸਤਾਨੀ ਰਚਨਾ ਦੀ ਲੜੀ ਚਲਾਈ ਜਾਵੇ। ਕੁਝ ਪਾਕਿਸਤਾਨੀ ਪੰਜਾਬੀ ਨਾਵਲਾਂ ਬਾਰੇ ਚਰਚਾ ਹੋਈ। ਡਾ. ਜਗਤਾਰ ਹੁਰਾਂ ਵੱਲੋਂ ਸ਼ਾਹਮੁਖੀ ਤੋਂ ਗੁਰਮੁਖੀ 'ਚ ਉਲਥਾਏ ਨਾਵਲਾਂ ਬਾਰੇ ਗੱਲ ਤੁਰੀ। ਇਸੇ ਸਿਲਸਿਲੇ ਵਿੱਚ ਮੈਂ ਪਹਿਲੀ ਵਾਰ ਉਹਨਾਂ ਦੇ ਘਰ ਗਿਆ ਸਾਂ। ਇਸਤੋਂ ਪਹਿਲਾਂ ਐਮ. ਏ. (ਪੰਜਾਬੀ) ਦੌਰਾਨ ਮੈਂ ਉਹਨਾਂ ਦਾ ਗ਼ਜ਼ਲ ਸੰਗ੍ਰਹਿ 'ਚਨੁੱਕਰੀ ਸ਼ਾਮ' ਪੜ੍ਹ ਚੁੱਕਾਂ ਸਾਂ। ਉਹਨਾਂ ਦੇ ਨਾਮ ਅਤੇ ਕੱਦ ਤੋਂ ਵਾਕਫ਼ ਸਾਂ। ਇਹ ਵੀ ਸੁਣ ਚੁੱਕਾਂ ਸਾਂ ਕਿ ਉਹ ਨਿਰਧਾਰਤ ਸਮੇਂ ਤੋਂ ਲੇਟ ਹੋਣ ਤੋਂ ਬਾਅਦ ਮਿਲਦੇ ਨਹੀਂ ; ਆਪਣੇ ਘਰ ਵਿੱਚ ਹਰ ਕਿਸੇ ਨੂੰ ਵੜਨ ਵੀ ਨਹੀਂ ਦਿੰਦੇ।
ਖ਼ੈਰ, ਉਹਨਾਂ ਨੂੰ ਮਿਲਣ ਦਾ ਪਹਿਲਾ ਅਨੁਭਵ ਸੁਖਦ ਰਿਹਾ। ਮੈਂ ਆਪਣੀ ਦੋਸਤ ਕਹਾਣੀਕਾਰ ਰੀਤੂ ਕਲਸੀ ਨਾਲ ਉਹਨਾਂ ਦੇ ਘਰ ਗਿਆ। ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਉਹਨਾਂ ਸਾਨੂੰ ਬੈਠਕ ਵਿੱਚ ਬਿਠਾਇਆ। ਚਾਹ ਪਿਲਾਈ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਬਾਰੇ ਗੱਲਾਂ ਕੀਤੀਆਂ। ਮੈਨੂੰ ਉਹਨਾਂ ਕੋਲੋਂ ਹੋਰ ਵੀ ਬੜਾ ਮੈਟਰ ਮਿਲਿਆ, ਜਿਹੜਾ ਮੈਗਜ਼ੀਨ ਲਈ ਵਰਤਿਆ।
ਉਹਨਾਂ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਵਲ 'ਦੋਆਬਾ' ਸੁਝਾਇਆ ਅਤੇ ਉਹਦੀ ਸਕ੍ਰਿਪਟ ਦਿੱਤੀ, ਜਿਸਦਾ ਅਨੁਵਾਦ ਮੈਂ ਹਿੰਦੀ ਵਿੱਚ ਕੀਤਾ। ਇਹੀ ਪਹਿਲਾ ਨਾਵਲ ਸੀ, ਜਿਹੜਾ ਦੈਨਿਕ ਭਾਸਕਰ ਦੇ ਐਤਵਾਰੀ ਐਡੀਸ਼ਨ ਵਿੱਚ ਲੜੀਵਾਰ ਛਪਿਆ। ਫਿਰ ਲਗਭਗ ਹਰ ਸ਼ੁੱਕਰਵਾਰ ਉਹਨਾਂ ਨਾਲ ਮੁਲਾਕਾਤ ਹੋਣ ਲੱਗ ਪਈ। ਸ਼ੁੱਕਰਵਾਰ ਮੇਰਾ ਵੀਕਲੀ ਆਫ ਹੁੰਦਾ ਸੀ। ਮੈਂ ਅਤੇ ਰੀਤੂ ਕਲਸੀ ਉਹਨਾਂ ਕੋਲ ਜਾਂਦੇ, ਸਾਹਿਤ ਬਾਰੇ ਤੇ ਹੋਰ ਏਧਰ-ਓਧਰ ਦੀਆਂ ਬੜੀਆਂ ਗੱਲਾਂ ਕਰਦੇ। ਗੱਲਾਂ ਦੀ ਲੜੀ ਜਿਵੇਂ ਹੀ ਸਾਹਿਤ ਤੋਂ ਉÎÎÎੱਤਰ ਕੇ ਆਮ ਗੱਲਾਂ ਵੱਲ ਆਉਂਦੀ, ਉਹਨਾਂ ਦੀ ਪਤਨੀ ਅਤੇ ਦੀਦੀ (ਡਾ. ਜਗਤਾਰ ਦੀ ਬੇਟੀ ਨੀਰੂ) ਵੀ ਸਾਡੇ ਵਿੱਚ ਆ ਰਲਦੇ। ਤਿੰਨ-ਚਾਰ ਘੰਟੇ ਇਸੇ ਤਰ੍ਹਾਂ ਮਹਿਫਲ ਸਜਦੀ।
ਉਹ ਸਾਨੂੰ ਕਿਤਾਬਾਂ ਬਾਰੇ ਦੱਸਦੇ, ਪੁਰਾਣੇ ਕਿਲਿਆਂ ਬਾਰੇ ਦੱਸਦੇ, ਪੁਰਾਣੀਆਂ ਫੋਟੋਆਂ ਵਿਖਾਉਂਦੇ, ਕੀ ਕੁੱਝ ਨਵਾਂ ਸੋਚ ਰਹੇ ਹਨ- ਚਰਚਾ ਕਰਦੇ। ਦੀਦੀ ਨੂੰ ਪੁਰਾਣੀਆਂ ਕਟਿੰਗਾਂ ਅਤੇ ਐਲਬੰਮਾਂ ਵੀ ਲੱਭ ਕੇ ਲਿਆਉਂਣੀਆਂ ਪੈਂਦੀਆਂ। ਗੱਲਾਂ-ਗੱਲਾਂ ਵਿੱਚ ਉਹ ਆਪਣੀਆਂ ਪਾਕਿਸਤਾਨ ਦੀਆਂ ਯਾਤਰਾਂਵਾਂ ਬਾਰੇ ਦੱਸਣ ਲੱਗ ਪੈਂਦੇ। ਉਹਨਾਂ ਦੀਆਂ ਗੱਲਾਂ 'ਚੋਂ ਉਹਨਾਂ ਦਾ ਪਾਕਿਸਤਾਨ ਦੀ ਧਰਤੀ ਨਾਲ ਗਹਿਰਾ ਮੋਹ ਝਲਕਦਾ। ਗੱਲ ਕਰਦੇ-ਕਰਦੇ ਉਹ ਏਨੇ ਉਤਸਾਹਿਤ ਹੋ ਜਾਂਦੇ ਕਿ ਪਾਕਿਸਤਾਨ ਫੇਰੀ ਲਾਉਣ ਦੀ ਯੋਜਨਾ ਬਨਾਉਣ ਲਗਦੇ। ਫੇਰ ਉਹ ਰੀਤੂ ਨੂੰ ਮੁਖ਼ਾਤਿਬ ਹੋ ਕੇ ਕਹਿੰਦੇ- 'ਤਿਆਰ ਰਹੀਂ ਏਸ ਵਾਰ, ਤੈਨੂੰ ਪਾਕਿਸਤਾਨ ਜ਼ਰੂਰ ਲੈ ਕੇ ਜਾਣੈ।' ਆਪਣੇ ਅੰਤਮ ਦਿਨਾਂ ਤੱਕ ਉਹ ਪਾਕਿਸਤਾਨ ਦੀ ਫੇਰੀ ਲਈ ਉਤਾਵਲੇ ਸਨ। ਰੀਤੂ ਨੂੰ ਤਾਂ ਉਹਨਾਂ ਆਪਣੀ ਬੇਟੀ ਹੀ ਮੰਨ ਲਿਆ ਹੋਇਆ ਸੀ। ਜਦੋਂ ਅਸੀਂ ਕਹਿੰਦੇ ਕਿ ਰੀਤੂ ਨੂੰ ਕਿਵੇਂ ਲਜਾਓਗੇ ਤਾਂ ਕਹਿਣ ਲੱਗਦੇ- 'ਮੈਂ ਕਹੂੰਗਾ ਇਹ ਮੇਰੀ ਸਭ ਤੋਂ ਛੋਟੀ ਧੀ ਏ...।'
ਵਿੱਚ ਜਿਹੇ ਉਹਨਾਂ ਦੀ ਸਿਹਤ ਕੁਝ ਜ਼ਿਆਦਾ ਵਿਗੜ ਗਈ ਸੀ। ਇਹਨਾਂ ਦਿਨਾਂ ਵਿੱਚ ਨਾ ਤਾਂ ਉਹਨਾਂ ਕੋਲੋਂ ਕੁਝ ਲਿਖਿਆ ਜਾਂਦਾ ਸੀ ਤੇ ਨਾ ਹੀ ਪੜ੍ਹਿਆ। ਏਥੋਂ ਤੱਕ ਕਿ ਅਖ਼ਬਾਰ ਪੜ੍ਹਨੋਂ ਵੀ ਅਸਮਰੱਥ ਹੋ ਗਏ ਸਨ। ਪਰ ਪੜ੍ਹਨ ਅਤੇ ਲਿਖਣ ਦੀ ਤਾਂਘ ਉਹਨਾਂ ਦੇ ਮਨ ਵਿੱਚ ਹੋਰ ਤੀਰਬ ਹੋ ਗਈ ਸੀ। ਅਸੀਂ ਜਦੋਂ ਵੀ ਜਾਂਦੇ ਉਹ ਗਾਲ੍ਹ ਕੱਢਦੇ- '....ਹੱਥ ਵੀ ਕੰਮ ਨਹੀਂ ਕਰ ਰਹੇ; ਪੈÎÎÎੱਨ ਵੀ ਨਹੀਂ ਫੜ ਹੁੰਦਾ...।' ਜਦੋਂ ਉਹ ਥੋੜ੍ਹੇ ਠੀਕ ਹੋਏ ਤਾਂ ਇÎÎੱਕ ਅੱਖ ਦੀ ਰੌਸ਼ਨੀ ਬਿਲਕੁਲ ਘਟ ਜਾਣ 'ਤੇ ਵੀ ਕੁਝ ਨਾ ਕੁਝ ਪੜ੍ਹਨ ਦੀ ਕੋਸ਼ਿਸ਼ ਕਰਦੇ। ਆਂਟੀ ਉਨ੍ਹਾਂ ਨੂੰ ਬਥੇਰਾ ਰੋਕਦੇ, ਪਰ ਉਹ ਮੰਨਣ ਵਾਲੇ ਕਿੱਥੇ ਸਨ।
ਸਾਡੇ ਨਾਲ ਉਹ ਏਨਾ ਜੁੜ ਗਏ ਸਨ ਕਿ ਜੇ ਕਿਸੇ ਸ਼ੁੱਕਰਵਾਰ ਨਾ ਜਾ ਹੁੰਦਾਂ ਤਾਂ ਅਗਲੇ ਦਿਨ ਸਵੇਰੇ ਹੀ ਉਹਨਾਂ ਦਾ ਫੋਨ ਆ ਜਾਂਦਾ। ਮੈਂ ਉਹਨਾਂ ਦਾ ਨਾਮ ਚਮਕਦਾ ਵੇਖ ਕੇ ਔਨ ਕਰਦਾ। ਉਹ ਬੋਲਦੇ- 'ਤੁਸੀਂ ਆਏ ਕਿਉਂ ਨਹੀਂ...!'
ਜਦੋਂ ਅਗਲੀ ਵਾਰ ਅਸੀਂ ਜਾਂਦੇ ਤਾਂ ਦੀਦੀ ਦੱਸਦੇ- 'ਮੈਂ ਇਹਨਾਂ ਨੂੰ ਰੋਕਿਆ ਸੀ ਕਿ ਉਹ ਐਨੀ ਸਵੇਰੇ ਨਹੀਂ ਜਾਗਦੇ, ਠਹਿਰ ਕੇ ਫੋਨ ਕਰਿਓ, ਪਰ ਇਹ ਮੰਨੇ ਈ ਨਹੀਂ।'
ਸਾਹਿਤ ਨਾਲ ਉਹਨਾਂ ਦੀ ਪ੍ਰਤੀਬੱਧਦਾ ਦਾ ਸਬੂਤ ਇਹ ਵੀ ਹੈ ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਸ਼ਬਦ ਨਾਲ ਜੁੜੇ ਰਹੇ। ਅੰਤਮ ਦਿਨਾਂ ਵਿੱਚ ਹੀ ਉਹਨਾਂ ਦੀਆਂ ਕਿਤਾਬਾਂ ਛਪੀਆਂ ਪਰ ਉਹ ਕਿਲਿਆਂ ਬਾਰੇ ਆਪਣੀ ਮਹੱਤਵਪੂਰਨ ਪੁਸਤਕ ਦੀ ਦੀ ਤਿਅਰੀ ਕਰ ਰਹੇ ਸਨ ਅਤੇ ਉਸਨੂੰ ਕਿਤਾਬੀ ਰੂਪ ਵਿੱਚ ਵੇਖਣ ਲਈ ਕਾਹਲੇ ਸਨ। ਪਰਚੇ ਦਾ ਅੰਕ ਵੀ ਛਪਣ ਲਈ ਦਿੱਤਾ ਹੋਇਆ ਸੀ। ਇਹਨਾਂ ਦਿਨਾਂ ਵਿੱਚ ਉਹ ਪਰਚੇ 'ਕਲਾ ਸਿਰਜਕ' ਬਾਰੇ ਵੀ ਚਿੰਤਤ ਹੋ ਗਏ ਸਨ।
ਉਹਨਾਂ ਦੇ ਜਾਣ ਤੋਂ ਦੋ ਦਿਨ ਪਹਿਲਾਂ ਅਸੀਂ ਉਹਨਾਂ ਨੂੰ ਮਿਲਣ ਗਏ। ਉਹਨਾਂ ਦਾ ਸਾਹ ਉÎÎÎੱਖੜਿਆ ਹੋਇਆ ਸੀ। ਸਾਸਰੀਕਾਲ ਤੋਂ ਬਾਅਦ ਉਹਨਾਂ ਏਨਾ ਹੀ ਪੁੱਛਿਆ- 'ਤੁਸੀਂ ਪਰਚਾ ਜਾਰੀ ਰੱਖਣ ਦਾ ਮਨ ਬਣਾ ਲਿਐ ਨਾ।' ਅਸੀਂ 'ਹਾਂ ਜੀ' ਕਿਹਾ ਤੇ ਫੇਰ ਆਉਣ ਲਈ ਕਹਿ ਆਏ।
ਇਕ ਦਿਨ ਛੱਡ ਕੇ ਅਗਲੇ ਦਿਨ ਮੈਨੂੰ ਇਕ ਫੋਨ ਆਇਆ- ਕੋਈ ਕੰਬਦੀ ਆਵਾਜ਼ ਸੀ- 'ਜਗਤਾਰ ਹੁਰੀ ਟੁਰ ਗਏ ਨੇ।'
ਆਂਟੀ ਨੇ ਦੱਸਿਆ ਸੀ ਕਿ ਆਖ਼ਰੀ ਦਿਨ ਉਹ ਪਰਚੇ ਦਾ ਇੰਤਜ਼ਾਰ ਕਰ ਰਹੇ ਸਨ।
- ਨਵਿਅਵੇਸ਼ ਨਵਰਾਹੀ
Share this article :

+ comments + 1 comments

August 20, 2010 at 9:46 AM

bot wadia likhiya g tusan,sahe kiha e akherle samaye tak kam karan da jazba si jagtar huran ch.

Post a Comment

 
Support : Creating Website | Johny Template | Mas Template
Copyright © 2011. ਰਹਾਉ - All Rights Reserved
Template Created by Creating Website Published by Mas Template
Proudly powered by Blogger